|
-ਜਸਵੰਤ ਸਿੰਘ ‘ਅਜੀਤ’
ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਗਈ ਸਰਹਿੰਦ ਫਤਹਿ ਦੀ ਤੀਜੀ ਸ਼ਤਾਬਦੀ ਮੰਨਾਉਂਦਿਆਂ, ਸਿੱਖੀ ਦੀਆਂ ਮਾਨਤਾਵਾਂ ਅਤੇ ਸਿੱਖ ਇਤਿਹਾਸ ਦੀਆਂ ਸਥਾਪਤ ਪਰੰਪਰਾਵਾਂ ਤੋਂ ਸਭ ਤੋਂ ਵੱਧ ਜਾਣੂ ਹੋਣ ਦੇ ਦਾਅਵੇਦਾਰ, ਸਿੱਖ ਵਿਦਵਾਨਾਂ, ਪ੍ਰਚਾਰਕਾਂ, ਬੁਲਾਰਿਆਂ ਅਤੇ ਧਾਰਮਕ ਸੰਸਥਾਵਾਂ ਦੇ ਮੁੱਖੀਆਂ ਵਲੋਂ ਜਿਸਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫਤਹਿ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਦਲੇ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਚਲਿਆ ਆਇਆ ਹੈ, ਉਸਨੂੰ ਪੜ੍ਹ-ਸੁਣ ਕੇ ਇਨ੍ਹਾਂ ਲੋਕਾਂ ਦੇ ਸਿੱਖੀ ਦੀਆਂ ਮਾਨਤਾਵਾਂ ਅਤੇ ਸਿੱਖ ਇਤਿਹਾਸ ਦੀਆਂ ਪਰੰਪਰਾਵਾਂ ਬਾਰੇ ਸਭ ਤੋਂ ਵੱਧ ਜਾਣਕਾਰੀ ਹੋਣ ਦੇ ਕੀਤੇ ਜਾਂਦੇ ਦਾਅਵੇ ਪੁਰ ਹੈਰਾਨੀ ਹੋਣੀ ਸੁਭਾਵਕ ਸੀ, ਕਿਉਂਕਿ ਜੇ ਸਿੱਖ ਇਤਿਹਾਸ ਦੀਆਂ ਪਰੰਪਰਾਵਾਂ ਅਤੇ ਸਿੱਖੀ ਦੀਆਂ ਮਾਨਤਾਵਾਂ ਦੀ ਗੰਭੀਰਤਾ ਦੇ ਨਾਲ ਘੋਖ ਕੀਤੀ ਜਾਏ ਤਾਂ ਇਹ ਸਮਝਣਾ ਮੁਸ਼ਕਲ ਨਹੀਂ, ਕਿ ਸਿੱਖੀ ਵਿਚ ਬਦਲੇ ਦੀ ਭਾਵਨਾ ਲਈ ਕੋਈ ਥਾਂ ਨਹੀਂ ਹੈ। ਸਿੱਖੀ ਵਿਚ ‘ਸ਼ਹਾਦਤ’ ਨੂੰ, ਇਕ ਪਵਿਤ੍ਰ ਅਤੇ ਸਰਵ-ਉਤਮ ਕਾਰਜ ਸਵੀਕਾਰਦਿਆਂ ਹੋਇਆਂ, ਸਰਵੁਚਤਾ ਦਾ ਦਰਜਾ ਦਿਤਾ ਗਿਆ ਹੋਇਆ ਹੈ। ਸਿੱਖ ਇਤਿਹਾਸ ਵਿਚਲੀਆਂ ਸ਼ਹਾਦਤਾਂ ਕਿਸੇ ਨਿਜੀ ਸੁਆਰਥ, ਨਿਜੀ ਹਿਤ ਜਾਂ ਕਿਸੇ ਨਿਜੀ ਪ੍ਰਾਪਤੀ ਦੇ ਲਈ ਨਹੀਂ ਦਿਤੀਆਂ ਗਈਆਂ। ਇਨ੍ਹਾਂ ਸ਼ਹਾਦਤਾਂ ਦਾ ਉਦੇਸ਼ ਸਦਾ ਹੀ ਗ਼ਰੀਬ-ਮਜ਼ਲੂਮ ਅਤੇ ਸੰਸਾਰ ਭਰ ਦੇ ਧਰਮਾਂ ਦੇ ਪੈਰੋਕਾਰਾਂ ਦੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਦੀ ਰਖਿਆ ਅਤੇ ਜਬਰ-ਜ਼ੁਲਮ ਦਾ ਨਾਸ਼ ਕਰਨਾ ਰਿਹਾ ਹੈ। ਸਿੱਖ ਇਤਿਹਾਸ ਗੁਆਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਸਹਿਤ ਸਾਹਿਬਜ਼ਾਦਿਆਂ ਦੀਆਂ ਸ਼ਾਹਦਤਾਂ ਜਬਰ-ਜ਼ੁਲਮ ਦਾ ਵਿਰੋਧ ਕਰਦਿਆਂ ਅਤੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਲਈ ਦਿਤੀਆਂ ਗਈਆਂ ਸ਼ਹਾਦਤਾਂ ਸਨ, ਜਿਨ੍ਹਾਂ ਨੇ ਆਉਣ ਵਾਲੀਆਂ ਪੀੜੀਆਂ ਦੇ ਲਈ ਅਜਿਹੇ ਪੂਰਨੇ ਪਾਏ,
ਜਿਨ੍ਹਾਂ ਪੁਰ ਚਲਦਿਆਂ ਗੁਰੂ ਸਾਹਿਬਾਂ ਦੇ ਸਿੱਖ ਗਰੀਬ-ਮਜ਼ਲੂਮ ਦੀ ਰਖਿਆ ਲਈ ਜਬਰ-ਜ਼ੁਲਮ ਅਤੇ ਅਨਿਆਇ ਦਾ ਵਿਰੋਧ ਕਰਦਿਆਂ ਲਗਾਤਾਰ ਜੂਝਦੇ ਅਤੇ ਸ਼ਹੀਦੀਆਂ ਦਿੰਦੇ ਚਲੇ ਗਏ। ਉਨ੍ਹਾਂ ਦੇ ਲਈ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਦਾ ਹੀ ਪ੍ਰੇਰਨਾ ਤੇ ਸ਼ਕਤੀ ਦਾ ਸ੍ਰੋਤ ਰਹੀਆਂ, ਜਿਨ੍ਹਾਂ ਦੇ ਕਾਰਣ ‘ਧਰਮ ਹੇਤ ਸੀਸ ਦਿੰਦਿਆਂ, ਬੰਦ-ਬੰਦ ਕਟਾਦਿਆਂ, ਖੋਪਰੀਆਂ ਉਤਰਵਾਂਦਿਆਂ, ਚਰਖੜੀਆਂ ਤੇ ਚੜ੍ਹਦਿਆਂ, ਆਰਿਆਂ ਦੇ ਨਾਲ ਚੀਰੇ ਜਾਂਦਿਆਂ, ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਲਈ ਕੁਰਬਾਨੀਆਂ ਕਰਦਿਆਂ ਅਤੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੁੰਦਿਆਂ ਸ਼ਹੀਦ ਹੁੰਦਿਆਂ, ਉਨ੍ਹਾਂ ਦੇ ਇਰਾਦਿਆਂ ਵਿਚ ਜ਼ਰਾ ਜਿੰਨੀ ਵੀ ਲਰਜ਼ਸ਼ ਨਹੀਂ ਸੀ ਆਈ। ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੀ ਰੋਸ਼ਨੀ ਨੇ ਸਿੱਖ ਬੀਬੀਆਂ ਤਕ ਨੂੰ ਵੀ ਅਜਿਹੀ ਸ਼ਕਤੀ ਦਿਤੀ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਜਿਗਰ ਦੇ ਟੋਟਿਆਂ ਨੂੰ ਨੇਜ਼ਿਆਂ ਪੁਰ ਟੰਗਿਆਂ ਜਾਂਦਿਆਂ ਅਤੇ ਟੁਕੜੇ-ਟੁਕੜੇ ਹੁੰਦਿਆਂ ਵੇਖਿਆ ਅਤੇ ਬਿਨਾ ਕਿਸੇ ਘਬਰਾਹਟ, ਦੁੱਖ ਤੇ ਕੰਬਣੀ ਦੇ ਉਨ੍ਹਾਂ ਦੇ ਟੁਕੜਿਆਂ ਨੂੰ ਉਨ੍ਹਾਂ ਨੇ ਆਪਣੀਆਂ ਝੋਲੀਆਂ ਵਿਚ ਪੁਆਇਆ, ਪਰ ਆਪਣੇ ਸਿੱਖੀ-ਸਿਦਕ ਤੇ ਜ਼ਰਾ ਜਿੰਨੀ ਵੀ ਆਂਚ ਨਹੀਂ ਆਉਣ ਦਿੱਤੀ। ਸਿੱਖ ਇਤਿਹਾਸ ਗੁਆਹ ਹੈ ਕਿ ਇਤਨੀਆਂ ਕੁਰਬਾਨੀਆਂ ਕਰਦਿਆਂ ਹੋਇਆਂ ਵੀ ਕਦੀ ਸਿੱਖਾਂ ਦੇ ਦਿਲ ਵਿਚ ਬਦਲੇ ਦੀ ਭਾਵਨਾ ਨਹੀਂ ਆਈ। ਜਦੋਂ ਕਿਸੇ ਵੀ ਦੁਸ਼ਮਣ ਨੇ ਉਨ੍ਹਾਂ ਦੇ ਵਲ ਮਿਤ੍ਰਤਾ ਦੀ ਪੇਸ਼ਕਸ਼ ਅਤੇ ਸਹਿਯੋਗ ਦੀ ਮੰਗ ਕਰਦਿਆਂ ਹਥ ਵਧਾਇਆ ਤਾਂ ਉਨ੍ਹਾਂ ਉਸਦਾ ਹਥ ਛਿਟਕਿਆ ਨਹੀਂ, ਸਗੋਂ ਬਿਨਾ ਸੰਕੋਚ ਉਸਨੂੰ ਮਜ਼ਬੂਤੀ ਦੇ ਨਾਲ ਪਕੜ ਲਿਆ। ਸ੍ਰੀ ਗੁਰੂ ਹਰਿਗੋਬਿੰਦ ਜੀ ਦੀ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਲਈ ਜ਼ਿਮੇਂਦਾਰ ਜਹਾਂਗੀਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਲਈ ਜ਼ਿਮੇਂਦਾਰ ਔਰੰਗਜ਼ੇਬ ਦੇ ਪੁਤਰ ਬਹਾਦਰ ਸ਼ਾਹ ਦੇ ਨਾਲ ਮਿਤ੍ਰਤਾ, ਇਸ ਗਲ ਦੇ ਪ੍ਰਤਖ ਪ੍ਰਮਾਣ ਹਨ। ਸ੍ਰੀ ਗੁਰੂ ਹਰਿਰਾਇ ਸਾਹਿਬ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪੁਰ ਬਾਰ-ਬਾਰ ਫੌਜਾਂ ਚਾੜ੍ਹਨ ਵਾਲੇ ਸ਼ਾਹਜਹਾਂ ਦੇ ਪੁਤਰ ਦਾਰਾ ਦੀ ਜਾਨ ਬਚਾਉਣ ਦੇ ਲਈ, ਆਪਣੇ ਦਵਾਖਾਨੇ ਵਿਚੋਂ ਦੁਰਲੱਭ ਦੁਆਈਆਂ ਭਿਜਵਾਉਣਾ ਵੀ ਇਸੇ ਗਲ ਦਾ ਸਬੂਤ ਹੈ ਕਿ ਸਿੱਖੀ ਵਿਚ ਬਦਲੇ ਦੀ ਭਾਵਨਾ ਲਈ ਕੋਈ ਥਾਂ ਨਹੀਂ ਹੈ। ਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਜਿਸ ਸ਼ਹਾਦਤ ਦਾ ਬਦਲਾ ਲੈ ਲਿਆ ਜਾਂਦਾ ਹੈ, ਉਸ ਸ਼ਹਾਦਤ ਦੀ ਮਹਤੱਤਾ ਤੇ ਮਹਾਨਤਾ ਪੁਰ ਗ੍ਰਹਿਣ ਲਗ ਜਾਂਦਾ ਹੈ ਅਤੇ ਉਹ ਨਾ ਤਾਂ ਆਉਣ ਵਾਲੀਆਂ ਪੀੜੀਆਂ ਦੇ ਲਈ ਪ੍ਰੇਰਨਾ ਸ੍ਰੋਤ ਤੇ ਨਾ ਹੀ ਚਾਨਣ ਮੁਨਾਰਾ ਰਹਿ ਜਾਂਦੀ ਹੈ। ਜਦਕਿ ਸਿੱਖ ਇਤਿਹਾਸ ਦੀ ਹਰ ਸ਼ਹਾਦਤ ਨਾ ਕੇਵਲ ਪ੍ਰਰੇਨਾ ਦਾ ਸ੍ਰੋਤ ਹੈ, ਸਗੋਂ ਚਾਨਣ-ਮੁਨਾਰੇ ਦਾ ਕੰਮ ਵੀ ਕਰਦੀ ਚਲੀ ਆ ਰਹੀ ਹੈ। ਇਸ ਕਰਕੇ ਇਹ ਮੰਨਣਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਦੇ ਲਈ ਪੰਜਾਬ ਭੇਜਿਆ ਸੀ, ਇਕ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਆਪਣੇ ਹਥੀਂ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਜੰਗ ਦੇ ਮੈਦਾਨ ਵਿਚ, ਸ਼ਹੀਦ ਹੋਣ ਲਈ ਭੇਜਿਆ ਅਤੇ ਇਸਦੇ ਨਾਲ ਹੀ ਕੇਵਲ ਆਪਣਾ ਸਮੁਚਾ ਪਰਿਵਾਰ ਹੀ ਨਹੀਂ, ਸਗੋਂ ਆਪਣਾ-ਆਪ ਵੀ ਜਬਰ-ਜ਼ੁਲਮ ਦੇ ਵਿਰੁਧ ਅਤੇ ਧਾਰਮਕ ਮਾਨਤਾਵਾਂ ਤੇ ਇਨਸਾਫ ਦੀ ਰਖਿਆ ਲਈ ਜੂਝਦਿਆਂ ਕੁਰਬਾਨ ਕਰ ਦਿਤਾ ਸੀ, ਦੀ ਮਹਾਨਤਾ ਤੋਂ ਅਨਜਾਣ ਹੋਣਾ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਉਸ ਅਦੁਤੀ ਸ਼ਹਾਦਤ ਨੂੰ ਛੁਟਿਆਣ ਦੇ ਤੁਲ ਹੋਵੇਗਾ, ਜੋ ਰਹਿੰਦੀ ਦੁਨੀਆ ਤਕ ਸਿੱਖਾਂ ਦੇ ਲਈ ਪ੍ਰੇਰਨਾ ਅਤੇ ਚਾਨਣ-ਮੁਨਾਰੇ ਦਾ ਕੰਮ ਕਰਦਿਆਂ ਰਹਿਣ ਦੇ ਸਮਰਥ ਹੈ। ਸੱਚਾਈ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਦੇ ਲਈ ਨਹੀਂ. ਸਗੋਂ ਪੰਜਾਬ ਦੀ ਧਰਤੀ ਪੁਰ ਦਿਨ-ਬ-ਦਿਨ ਵੱਧ ਰਹੇ ਜ਼ੁਲਮ ਨੂੰ ਠਲ੍ਹ ਪਾਣ ਅਤੇ ਗਰੀਬ-ਮਜ਼ਲੂਮ ਦੀ ਰਖਿਆ ਲਈ ਜੂਝਣ ਵਾਸਤੇ ਭੇਜਿਆ ਸੀ। ਇਹ ਗਲ ਵੀ ਸਮਝ ਲੈਣੀ ਹੋਵੇਗੀ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਦਾ ਮਿਸ਼ਨ ਕੇਵਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਤਕ ਹੀ ਸੀਮਤ ਹੁੰਦਾ ਤਾਂ ਉਹ ਸਰਹਿੰਦ ਫਤਹਿ ਦੇ ਨਾਲ ਪੂਰਾ ਹੋ ਗਿਆ ਹੁੰਦਾ, ਪ੍ਰੰਤੂ ਉਨ੍ਹਾਂ ਦਾ ਮਿਸ਼ਨ ਜਬਰ-ਜ਼ੁਲਮ ਦੇ ਵਿਰੁਧ ਸੰਘਰਸ਼ ਕਰਦਿਆਂ ਰਹਿਣ ਦੇ ਨਾਲ ਸਬੰਧਤ ਸੀ, ਇਸ ਕਰਕੇ ਉਹ ਸਰਹਿੰਦ ਫਤਹਿ ਤੋਂ ਬਾਅਦ ਹੀ ਨਹੀਂ, ਸਗੋਂ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਵੀ ਲਗਾਤਾਰ ਜਾਰੀ ਰਿਹਾ। ਪ੍ਰਧਾਨ ਮੰਤਰੀ ਨਾਲ ਸਿੱਖਾਂ ਨੂੰ ਸ਼ਿਕਾਇਤ ਹੈ : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਆਪਣੀ ਕੈਨੇਡਾ ਫੇਰੀ ਦੌਰਾਨ ਜਿਥੇ ਨਵੰਬਰ-84 ਦੇ ਸਿੱਖ ਕਤਲੇਆਮ ਦੇ ਲਈ ਇਕ ਵਾਰ ਫਿਰ ਸਿੱਖ ਭਾਈਚਾਰੇ ਪਾਸੋਂ ਮੁਆਫੀ ਮੰਗੇ ਜਾਣ, ਪੀੜਤਾਂ ਨੂੰ ਦਿਤੇ ਗਏ ਸਹਾਇਤਾ ਪੈਕੇਜ ਪੁਰ ਮੁੜ ਵਿਚਾਰ ਕਰ, ਉਸ ਵਿਚ ਲੋੜੀਂਦੀ ਸੋਧ ਕੀਤੇ ਜਾਣ ਅਤੇ ਦੋਸ਼ੀਆਂ ਨੂੰ ਸਜ਼ਾ ਨਾ ਮਿਲ ਪਾਣ ਵਿਚ ਕੁਝ ਕਾਨੂੰਨੀ ਖਾਮੀਆਂ ਹੋਣ ਨੂੰ ਸਵੀਕਾਰ ਕਰ, ਉਨ੍ਹਾਂ ਵਿਚ ਸੋਧ ਕੀਤੇ ਜਾਣ ਦੇ ਦਿਤੇ ਗਏ ਭਰੋਸੇ, ਦਾ ਲਗਭਗ ਸਾਰੇ ਸਿੱਖ ਜਗਤ ਵਲੋਂ ਸੁਆਗਤ ਕੀਤਾ ਗਿਆ ਹੈ, ਪ੍ਰੰਤੂ ਉਥੇ ਹੀ ਉਨ੍ਹਾਂ ਵਲੋਂ ਕੈਨੇਡਾ ਸਰਕਾਰ ਨੂੰ ਦਿਤੀ ਗਈ ਇਸ ਸਲਾਹ ਦਾ, ਕਿ ਉਹ ਆਪਣੀ ਧਰਤੀ ‘ਸਿੱਖ ਅੱਤਵਾਦੀਆਂ ਅਤੇ ਵੱਖਵਾਦੀਆਂ’ ਨੂੰ ਵਰਤਣ ਦੀ ਆਜ਼ਾਦੀ ਨਾ ਦੇਵੇ, ਦਾ ਆਮ ਸਿੱਖ ਜਗਤ ਵਲੋਂ ਤਿੱਖਾ ਵਿਰੋਧ ਕੀਤਾ ਗਿਆ ਹੈ। ਕੈਨੇਡਾ-ਵਾਸੀ ਸਿੱਖਾਂ ਦੇ ਪ੍ਰਤੀਨਿਧੀਆਂ ਨੇ ਨਾ ਕੇਵਲ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ, ਸਗੋਂ ਸਾਰਵਜਨਿਕ ਬਿਆਨ ਦੇ ਕੇ ਵੀ ਉਨ੍ਹਾਂ ਦੇ ਬਿਆਨ ਦੇ ਇਸ ਹਿਸੇ ਪ੍ਰਤੀ ਆਪਣਾ ਵਿਰੋਧ ਦਰਜ ਕਰਵਾਇਆ ਹੈ। ਇਥੋਂ ਤਕ ਕਿ ਭਾਰਤੀ ਸਿੱਖਾਂ ਦੇ ਪ੍ਰਤੀਨਿਧੀਆਂ ਨੇ ਵੀ ਪ੍ਰਧਾਨ ਮੰਤਰੀ ਦੇ ਇਸ ਕਥਨ ਦੇ ਵਿਰੁਧ ਆਪਣਾ ਰੋਸ ਪ੍ਰਗਟ ਕਰਨ ਵਿਚ ਕੋਈ ਕੋਤਾਹੀ ਨਹੀਂ ਕੀਤੀ। ਕੈਨੇਡਾ-ਵਾਸੀ ਸਿੱਖਾਂ ਦੇ ਪ੍ਰਤੀਨਿਧੀਆਂ ਨੇ ਤਾਂ ਸਪਸ਼ਟ ਰੂਪ ਵਿਚ ਇਹ ਦਾਅਵਾ ਕੀਤਾ ਹੈ ਕਿ ਕੈਨੇਡਾ ਵਿਚ ਨਾ ਤਾਂ ਕੋਈ ਸਿੱਖ ਅੱਤਵਾਦੀ ਹੈ ਅਤੇ ਨਾ ਹੀ ਵੱਖਵਾਦੀ। ਉਨ੍ਹਾਂ ਨੇ ਸ਼ਿਕਵਾ ਕੀਤਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ, ਤੇ ਉਹ ਵੀ ਸਿੱਖ ਪ੍ਰਧਾਨ ਮੰਤਰੀ ਵਲੋਂ ਅਜਿਹਾ ਕਹੇ ਜਾਣ ਦੇ ਨਾਲ ਕੈਨੇਡਾ ਵਿਚ ਵਸ ਰਿਹਾ ਹਰ ਸਿੱਖ ਸ਼ਕੀ ਬਣ ਜਾਂਦਾ ਹੈ, ਜਿਸ ਨਾਲ ਸਮੁਚੇ ਰੂਪ ਵਿਚ ਉਨ੍ਹਾਂ ਦੀ ਛੱਵੀ ਖਰਾਬ ਹੁੰਦੀ ਹੈ। ਇਹ ਗਲ ਤਾਂ ਮੰਨੀ-ਪ੍ਰਮੰਨੀ ਹੈ, ਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ, ਉਨ੍ਹਾਂ ਦਾ ਕੰਮ ਕੇਵਲ ਦਹਿਸ਼ਤ ਫੈਲਾ ਕੇ ਅਫ਼ਰਾ-ਤਫ਼ਰੀ ਪੈਦਾ ਕਰਨਾ ਹੁੰਦਾ ਹੈ, ਜਿਸਦਾ ਸ਼ਿਕਾਰ ਕਿਸੇ ਇਕ ਫਿਰਕੇ ਦੇ ਲੋਕੀ ਹੀ ਨਹੀਂ ਹੁੰਦੇ, ਸਗੋਂ ਹਰ ਫਿਰਕੇ ਦੇ ਲੋਕੀ ਹੁੰਦੇ ਹਨ। ਇਸ ਕਰਕੇ ਅੱਤਵਾਦੀਆਂ ਦੇ ਕਿਸੇ ਵਰਗ ਨੂੰ ਸਿੱਖ ਕਹਿਣਾ, ਸਮੁਚੇ ਸਿੱਖ ਭਾਈਚਾਰੇ ਨੂੰ ਸ਼ਕੀ ਬਣਾ ਕੇ ਵਿਸ਼ਵ-ਭਾਈਚਾਰੇ ਤੋਂ ਅਲਗ-ਥਲਗ ਕਰ ਦੇਣ ਦਾ ਰਾਹ ਤਿਆਰ ਕਰਨਾ ਹੈ। ਪਤਾ ਨਹੀਂ, ਪ੍ਰਧਾਨ ਮੰਤਰੀ ਨੇ ਕਿਨ੍ਹਾਂ ਲੋਕਾਂ ਦੀ ਸਲਾਹ ਪੁਰ ਇਹ ਬਿਆਨ ਦਿਤਾ ਹੈ, ਪਰ ਇਤਨਾ ਜ਼ਰੂਰ ਹੈ ਕਿ ਜਿਸ ਕਿਸੇ ਨੇ ਵੀ ਉਨ੍ਹਾਂ ਪਾਸੋਂ ਇਹ ਬਿਆਨ ਦੁਅਇਆ ਹੈ. ਉਹ ਸਿੱਖਾਂ ਦਾ ਹਿਤੂ ਨਹੀਂ ਹੋ ਸਕਦਾ, ਇਹ ਵੀ ਸੰਭਵ ਹੈ ਕਿ ਉਹ. ਉਨ੍ਹਾਂ ਸਿੱਖ-ਵਿਰੋਧੀ ਭਾਜਪਾਈਆਂ ਦੀ ਸੋਚ ਦਾ ਧਾਰਨੀ ਹੋਵੇ, ਜੋ ਅਜਿਹੇ ਸਿੱਖਾਂ ਦੀ ਕਾਲੀ ਸੂਚੀ ਖਤਮ ਕੀਤੇ ਜਾਣ ਦੇ ਵਿਰੋਧੀ ਚਲੇ ਆ ਰਹੇ ਹਨ, ਜੋ ਫਰਜ਼ੀ ਮੁਕਾਬਲਿਆਂ ਵਿਚ ਮਾਰੇ ਜਾਣ ਤੋਂ ਬਚਣ ਲਈ, ਪੰਜਾਬੋਂ ਨਿਕਲ ਵਿਦੇਸ਼ੀਂ ਜਾ ਸ਼ਰਨ ਲੈਣ ਤੇ ਮਜਬੂਰ ਹੋਏ ਸਨ । ਇਹ ਗਲ ਯਾਦ ਰਖਣ ਵਾਲੀ ਹੈ ਕਿ ਕੈਨੇਡਾ, ਉਹ ਧਰਤੀ ਹੈ, ਜਿਥੋਂ ਗਦਰੀ ਬਾਬਿਆਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੀ ਅਰੰਭਤਾ ਦਾ ਕੇਵਲ ਬਿਗ਼ਲ ਹੀ ਨਹੀਂ ਸੀ ਵਜਾਇਆ, ਸਗੋਂ ਇਸ ਸੰਘਰਸ਼ ਨੂੰ ਸਫਲ ਬਣਾਉਣ ਲਈ ਕੁਰਬਾਨੀਆਂ ਦੀ ਛਹਿਬਰ ਵੀ ਲਾ ਦਿਤੀ ਸੀ। ਇਸ ਕਰਕੇ ਇਹ ਕਿਹਾ ਜਾਣਾ ਕਿ ਕੈਨੇਡਾ ਦੀ ਧਰਤੀ ਪੁਰ ਸਿੱਖ ਅੱਤਵਾਦੀ ਅਤੇ ਵੱਖਵਾਦੀ ਸਰਗਰਮ ਹਨ, ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਦਿਆਂ ਹਸ-ਹਸ ਸ਼ਹੀਦੀਆਂ ਪ੍ਰਾਪਤ ਕਰਨ ਵਾਲਿਆਂ ਅਤੇ ਉਥੇ ਵਸ ਰਹੇ ਦੇਸ਼ ਦਾ ਸਿਰ ਉੱਚਾ ਕਰਨ ਵਿਚ ਜੁਟੇ ਸਿੱਖਾਂ ਦੀ ਦੇਸ਼ ਭਗਤੀ ਪੁਰ ਸ਼ੰਕਾ ਪ੍ਰਗਟ ਕਰਨ ਦੇ ਤੁਲ ਹੈ। …ਅਤੇ ਅੰਤ ਵਿੱਚ : ਕੈਨੇਡਾ ਵਿਚ ਵਸ ਰਹੇ ਸਿੱਖਾਂ ਦਾ ਮੰਨਣਾ ਹੈ ਕਿ ਕੈਨੇਡਾ ਵਿਚ ਸਿੱਖ ਬਹੁਤ ਹੀ ਸਨਮਾਨਤ ਦਰਜਾ ਹਾਸਲ ਕਰ ਚੁਕੇ ਹੋਏ ਹਨ, ਉਨ੍ਹਾਂ ਨੂੰ ਕੈਨੇਡਾ ਦੇ ਹਰ ਵਰਗ ਵਲੋਂ ਵਿਸ਼ਵਾਸ ਅਤੇ ਸਨਮਾਨ ਪ੍ਰਾਪਤ ਹੈ। ਇਸ ਸਥਿਤੀ ਵਿਚ ਪ੍ਰਧਾਨ ਮੰਤਰੀ, ਉਹ ਵੀ ਸਿੱਖ ਪ੍ਰਧਾਨ ਮੰਤਰੀ ਦੇ ਕਥਨ ਨਾਲ ਸਮੁਚੇ ਰੂਪ ਵਿਚ ਸਿੱਖਾਂ ਬਾਰੇ ਗ਼ਲਤ ਸੰਦੇਸ਼ ਚਲਾ ਜਾਂਦਾ ਹੈ। ਉਨ੍ਹਾਂ ਅਨੁਸਾਰ ਪੰਜਾਬ ਵਿਚਲੇ ਸੰਤਾਪ ਦੇ ਹਾਲਾਤ ਕਾਰਣ ਵਿਦੇਸ਼ੀਂ ਜਾ ਸ਼ਰਣ ਲੈਣ ਵਾਲੇ, ਜਿਨ੍ਹਾਂ ਸਿੱਖਾਂ ਦੀ ਭਾਰਤ ਸਰਕਾਰ ਵਲੋਂ ਕਾਲੀ ਸੂਚੀ ਬਣਾਕੇ ਉਨ੍ਹਾਂ ਦੇ ਭਾਰਤ ਦਾਖਲੇ ਤੇ ਪਾਬੰਦੀ ਲਾਈ ਗਈ ਹੋਈ ਹੈ ਉਨ੍ਹਾਂ ਵਿਚ ਅਜਿਹੇ ਨੌਜਵਾਨ ਹੀ ਵੱਡੀ ਗਿਣਤੀ ਵਿਚ ਹਨ, ਪੰਜਾਬ ਵਿਚ ਸਿੱਖਾਂ ਦਾ ਸ਼ਿਕਾਰ ਕਰਨ ਦੇ ਲਈ, ਕੀਤੇ ਰਹੇ ਫਰਜ਼ੀ ਮੁਕਾਬਲਿਆਂ ਵਿਚ ਮਾਰੇ ਜਾਣ ਤੋਂ ਬਚਣ ਲਈ ਹੀ, ਪੰਜਾਬੋਂ ਭਜ, ਵਿਦੇਸ਼ੀਂ ਜਾ ਵਸਣ ਅਤੇ ਸ਼ਰਨ ਲੈਣ ਦੇ ਲਈ ਮਜਬੂਰ ਹੋਏ ਸਨ। |