|
*ਪੰਜਾਬੀਆਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਸਿਰਤੋੜ ਯਤਨ ਕਰਾਂਗਾ-ਸੁਖ ਧਾਲੀਵਾਲ ਐਮ.ਪੀ *ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਣਾ ਮੇਰਾ ਧਰਮ- ਡਾ. ਰੂਬਾ ਢੱਲਾ *ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੁੱਖ ਮੰਤਰੀ ਨਾਲ ਗੱਲ ਕਰਾਂਗਾ-ਸੁਰੇਸ਼ ਕੁਮਾਰ ਆਈ.ਏ.ਐਸ
ਹੁਸਨ ਲੜੋਆ ਬੰਗਾ ਸੰਨੀਵੇਲ (ਕੈਲੀਫੋਰਨੀਆ)- ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਵੱਲੋਂ ਕਰਵਾਈ ਗਈ ਕਾਨਫਰੰਸ ਦੇ ਦੂਸਰੇ ਦਿਨ ਦੀ ਕਾਨਫਰੰਸ ਸਥਾਨਕ ਹਿੰਦੂ ਮੰਦਰ ਦੇ ਕਮਿਊਨਿਟੀ ਹਾਲ ਵਿਚ ਕਰਵਾਈ ਗਈ, ਜਿਸ ਵਿਚ ਵੱਖ ਵੱਖ ਸ਼ਹਿਰਾਂ ਵਿਚੋਂ ਪੰਜਾਬੀਆਂ ਨੇ ਬੜੀ ਭਾਰੀ ਗਿਣਤੀ ਵਿਚ ਸ਼ਾਮਲ ਹੋ
ਕੇ ਨਾਪਾ ਨੂੰ ਆਪਣੇ ਭਰਪੂਰ ਸਮਰਥਨ ਦਾ ਹੁੰਗਾਰਾ ਦਿੱਤਾ। ਇਕ ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਦੀ ਸਮਰੱਥਾ ਵਲੇ ਇਸ ਕਮਿਊਨਿਟੀ ਹਾਲ ਵਿਚ ਲੋਕਾਂ ਦਾ ਠਾਠਾਂ ਮਾਰਦੇ ਸਮੁੰਦਰ ਦਾ ਨਜ਼ਾਰਾ ਵੇਖਣਾ ਹੀ ਬਣਦਾ ਸੀ, ਜਿਸ ਵਿਚ ਹੋਰਨਾਂ ਤੋਂ ਇਲਾਵਾ ਡਾ. ਰੂਬੀ ਢੱਲਾ ਐਮ. ਪੀ., ਸੁੱਖ ਧਾਲੀਵਾਲ ਐਮ. ਪੀ., ਸੁਰੇਸ਼ ਕੁਮਾਰ ਆਈ. ਏ. ਐਸ., ਦੀਦਾਰ ਸਿੰਘ ਬੈਂਸ, ਕੈਸ਼ ਗਿੱਲ ਮੇਅਰ ਸੂਬਾ ਸਿਟੀ, ਰੂਬੀ ਧਾਲੀਵਾਲ ਮੇਅਰ ਸਾਨਵਾਕੀਨ, ਸੰਨੀ ਧਾਲੀਵਾਲ ਵਾਈਸ ਮੇਅਰ ਧਾਲੀਵਾਲ, ਕੌਂਸਲ ਮੈਂਬਰ ਹਰਪ੍ਰੀਤ ਸਿੰਘ ਸੰਧੂ, ਅਮੋਲਕ ਸਿੰਘ ਗਾਖਲ, ਚਰਨਜੀਤ ਸਿੰਘ ਬਾਠ, ਮੰਗਲ ਸਿੰਘ ਭੰਡਾਲ, ਸੁਰਜੀਤ ਟੁਟ, ਭੁਪਿੰਦਰ ਸਿੰਘ ਢਿੱਲੋਂ, ਸੁਖਦੇਵ ਸਿੰਘ ਬੈਣੀਵਾਲ, ਸਰਬਜੋਤ ਸਿੰਘ ਸਵੱਦੀ,ਰਜਿੰਦਰ ਸਿੰਘ ਟਾਂਡਾ, ਬਿਕਰਮ ਸਿੰਘ ਬਾਜਵਾ, ਬਹਾਦੁਰ ਸਿੰਘ ਸੇਲਮ, ਗੁਰਪ੍ਰੀਤ ਸਿੰਘ ਧਾਲੀਵਾਲ, ਨਾਜਰ ਸਿੰਘ ਸਹੋਤਾ, ਪਰਮਿੰਦਰ ਸਿੰਘ ਔਜਲਾ, ਕੈਨੀ ਵਿਰਕ, ਪਵਿੱਤਰ ਸਿੰਘ ਕੁਲਾਰ, ਜੱਸ ਕੌਰ ਸੰਘਾ ਟਰੇਸੀ, ਹਰਵਿੰਦਰ ਸਿੰਘ ਕੁਲਾਰ, ਕਰਮਦੀਪ ਸਿੰਘ ਬੈਂਸ, ਸਰਦੂਲ ਸਿੰਘ ਬਾਜਵਾ,ਤਰਲੋਚਨ ਸਿੰਘ ਲੱਛਰ,ਅਮਰਜੀਤ ਸਿੰਘ ਸੰਘਾ, ਮਲਵਿੰਦਰ ਸਿੰਘ ਚਾਹਲ, ਸਤਵਿੰਦਰ ਸਿੰਘ ਸਰਾਂ, ਹਰਵਿੰਦਰ ਰਿਆੜ, ਗੁਰਵਿੰਦਰ ਸਿੰਘ ਧਾਲੀਵਾਲ, ਪੈਨੀ ਜੋਗੀ ਰਾਜ ਸੰਧੂ ਚੇਅਰਮੈਨ ਜੱਸ ਟੀ. ਵੀ., ਚਰਨ ਸਿੰਘ ਜੱਜ,ਇੰਦਰਜੀਤ ਸਿੰਘ ਬੜਿੰਗ,ਪੱਤਰਕਾਰ ਨੀਟਾ ਮਾਛੀਕੇ, ਸੰਤੋਖ ਸਿੰਘ ਜੱਜ, ਜੋਰਾ ਸਿੰਘ ਸੰਧੂ, ਡਾ: ਜੇ. ਪੀ. ਸਿੰਘ, ਡਾ. ਜੋਗਿੰਦਰ ਸਿੰਘ ਡਾਇਰੈਕਟਰ ਸਟੇਟ ਹਸਪਤਾਲ, ਸੁਤੰਤਰਤਾ ਸੈਨਾਨੀ ਦੇਵਾ ਸਿੰਘ ਧੂਤ, ਸਰਬਜੀਤ ਸਰੋਆ, ਹੁਸਨ ਲੜੋਆ ਬੰਗਾ ਬਿਊਰੋ ਚੀਫ ਰੋਜ਼ਾਨਾ ਅਜੀਤ, ਗੁਰਮੀਤ ਸਿੰਘ ਜੌਹਲ, ਹਰਦੇਵ ਸਿੰਘ ਖਿੰਡਾ, ਅਟਾਰਨੀ ਜੈਕ ਰਾਮ, ਅਟਾਰਨੀ ਅਜੈ ਰਾਮ, ਸਰਬਜੀਤ ਕੌਰ ਚੀਮਾ, ਪੱਤਰਕਾਰ ਦਰਸ਼ਨ ਸਿੰਘ ਕਿੰਗਰਾ, ਲਾਲੀ ਧਨੌਲਾ, ਓ. ਪੀ. ਬਾਲੀ, ਵਿਨੋਦ ਬਾਲੀ, ਮੋਨਿਕਾ ਬਾਲੀ, ਕਸ਼ਮੀਰ ਗਿੱਲ, ਕਸ਼ਮੀਰ ਸਿੰਘ ਕੈਸ਼ ਫੈਬਰਿਕਸ, ਪਰਮਜੀਤ ਸਿੰਘ ਦੋਸਾਂਝ, ਪਰਲਾਦ ਸਿੰਘ ਗਰੇਵਾਲ, ਪ੍ਰਿੰਸੀਪਲ ਭਜਨ ਸਿੰਘ ਮੰਡੇਰ, ਲਹਿੰਬਰ ਸਿੰਘ, ਸਤਵਿੰਦਰ ਸਰਾਂ, ਡਾ. ਸੰਦੀਪ ਸ਼ਰਮਾ, ਪਵਿੱਤਰ ਸਿੰਘ ਕੁਲਾਰ, ਕੈਨੀ ਵਿਰਕ, ਪਰਮਿੰਦਰ ਸਿੰਘ ਔਜਲਾ, ਹਰਦੇਵ ਸਿੰਘ ਤੱਖਰ ਆਦਿ ਆਗੂ ਸ਼ਾਮਲ ਹੋਏ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਾਪਾ ਦੇ ਚੇਅਰਮੈਨ ਦਲਵਿੰਦਰ ਸਿੰਘ ਧੂਤ ਨੇ ਭਾਰਤ ਸਰਕਾਰ ਦੀ ਇਸ ਗੱਲ ਤੋਂ ਆਲੋਚਨਾ ਕਰਦਿਆਂ ਕਿ ਭਾਰਤ ਸਰਕਾਰ ਨੇ ਕੈਲੀਫੋਰਨੀਆ ਦੇ ਸਭ ਤੋਂ ਮਹਿੰਗੇ ਸ਼ਹਿਰ ਸਾਨ ਫਰਾਂਸਿਸਕੋ ਵਿਚ ਇਕ ਅਜਿਹੀ ਥਾਂ ਤੇ ਸਫਾਰਤਖਾਨੇ ਦਾ ਦਫਤਰ ਖੋਲ੍ਹ ਕੇ ਰੱਖਿਆ ਹੈ, ਜਿਸ ਸ਼ਹਿਰ ਵਿਚ ਨਾ ਤਾਂ ਭਾਰਤੀ ਮੂਲ ਦੇ ਲੋਕਾਂ ਦੀ ਕੋਈ ਆਬਾਦੀ ਹੈ ਤੇ ਨਾ ਹੀ ਸਫਾਰਤਖਾਨੇ ਦੇ ਆਸ-ਪਸ ਕਾਰਾਂ ਪਾਰਕ ਕਰਨ ਦੀ ਕੋਈ ਸਹੂਲਤ ਹੈ। ਜਿਸ ਕਰਨ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਬਹੁਤ ਵਾਧਾ ਹੋ ਰਿਹਾ ਹੈ। ਸ. ਧੂਤ ਨੇ ਮੰਗ ਕੀਤੀ ਕਿ ਕੈਲੀਫੋਰਨੀਆ ਦੇ ਸਫਾਰਤਖਾਨੇ ਨੂੰ ਕਿਸੇ ਅਜਿਹੀ ਥਾਂ ਤੇ ਲਿਜਾਇਆ ਜਾਵੇ, ਜਿੱਥੇ ਲੋਕਾਂ ਨੂੰ ਆਉਣ-ਜਾਣ ਦੀ ਆਸਾਨੀ ਹੋਵੇ। ਨਾਪਾ ਦੇ ਪ੍ਰਧਾਨ ਸਤਨਾਮ ਸਿੰਘ ਚਾਹਲ ਨੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਬਾਰੇ ਦੱਸਦਿਆਂ ਕਿਹਾ ਕਿ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਇਕ ਗੈਰ ਸਿਆਸੀ ਅਜਿਹੀ ਸੰਸਥਾ ਹੈ, ਜਿਸ ਦਾ ਮੁੱਖ ਕੰਮ ਇਸ ਖੇਤਰ ਵਿਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਠੋਸ ਹੱਲ ਲਈ ਯਤਨ ਕਰਨਾ ਹੈ।ਪੰਜਾਬ ਵਿਚੋਂ ਵਾਇਦਾ ਕਰਕੇ ਵੀ ਨਾ ਆਉਣ ਵਾਲੇ ਸਿਆਸੀ ਲੀਡਰਾਂ ਉਪਰ ਨੁਕਤਾਚੀਨੀ ਕਰਦਿਆਂ ਸ: ਚਾਹਲ ਨੇ ਕਿਹਾ ਕਿ ਜਿਹੜੇ ਲੀਡਰ ਮੁਫਤ ਵਿਚ ਤੁਹਾਡੀਆਂ ਮੁਸ਼ਕਲਾਂ ਨੂੰ ਸੁਣਨ ਵੀ ਨਹੀਂ ਆ ਸਕਦੇ ਉਹਨਾਂ ਲੀਡਰਾਂ ਤੋਂ ਕਿਸੇ ਵੀ ਕਿਸਮ ਦੀ ਆਸ ਰਖਣਾ ਹਵਾ ਵਿਚ ਤਲਵਾਰਾਂ ਮਾਰਨ ਦੇ ਬਰਾਬਰ ਹੈ।ਜਦ ਸ: ਚਾਹਲ ਇਹ ਗਲ ਸਟੇਜ ਤੋਂ ਕਹਿ ਰਹੇ ਸਨ ਤਾਂ ਵਿਚ ਬੈਠੇ ਲੋਕ ਜੋਰ ਜੋਰ ਦੀ ਅਵਾਜਾਂ ਕੱਸ ਰਹੇ ਸਨ ਕਿ ਇਹਨਾਂ ਸਿਆਸੀ ਲੀਡਰਾਂ ਤੇ ਕਦੇ ਵੀ ਵਿਸ਼ਵਾਸ਼ ਨਾ ਕਰੋ। ਸਾਨਵਾਕੀਨ ਸ਼ਹਿਰ ਦੇ ਮੇਅਰ ਰੂਬੀ ਧਾਲੀਵਾਲ ਨੇ ਕਿਹਾ ਕਿ ਇਸ ਖੇਤਰ ਵਿਚ ਰਹਿਣ ਵਾਲੇ ਪੰਜਾਬੀਆਂ ਨੂੰ ਇਕ ਐਸੇ ਪਲੇਟਫਾਰਮ ਦੀ ਲੋੜ ਸੀ, ਜਿਸ ਪਲੇਟ ਫਾਰਮ ਉਪਰ ਇਕੱਠੇ ਹੋ ਕੇ ਭਾਈਚਾਰੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਕੋਈ ਹੱਲ ਲੱਭਿਆ ਜਾ ਸਕੇ। ਨਾਪਾ ਦੇ ਆਗੂਆਂ ਨੇ ਅਜਿਹਾ ਹੀ ਇਕ ਪਲੇਟ ਫਾਰਮ ਲੋਕਾਂ ਨੂੰ ਦੇ ਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਮਹਿਸੂਸ ਕੀਤਾ ਹੈ, ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਥੋੜ੍ਹੀ ਹੈ। ਯੂਬਾ ਸਿਟੀ ਦੇ ਮੇਅਰ ਕੈਸ਼ ਗਿੱਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਾਪਾ ਦੇ ਇਸ ਮੰਚ ਤੇ ਉਹਨਾਂ ਨੂੰ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਬਹੁਤ ਜਾਣਕਾਰੀ ਮਿਲੀ ਹੈ। ਉਹਨਾਂ ਨੇ ਨਾਪਾ ਦੇ ਆਗੂਆਂ ਨੂੰ ਨਸੀਹਤ ਦਿੱਤੀ ਕਿ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਦੇ ਸਿਆਸਤਦਾਨਾਂ ਵੱਲ ਦੌੜਨ ਦੀ ਬਜਾਏ ਆਪਣੀ ਕਮਿਊਨਿਟੀ ਦੇ ਸਥਾਨਕ ਲੀਡਰਾਂ ਦੀ ਸਹਾਇਤਾ ਲੈਣ। ਉਹਨਾਂ ਵਿਸ਼ਵਾਸ ਦਿਵਾਇਆ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਨਾਰਥ ਅਮਰੀਕਾ ਦੇ ਪੰਜਾਬੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਜਲਦੀ ਤੋਂ ਜਲਦੀ ਕੱਢਿਆ ਜਾਵੇ।ਲੈਥਰੌਪ ਸਿਟੀ ਦੇ ਵਾਈਸ ਮੇਅਰ ਸੰਨੀ ਧਾਲੀਵਾਲ ਨੇ ਇਸ ਗੱਲ ’ਤੇ ਦੁੱਖ ਪ੍ਰਗਟ ਕੀਤਾ ਕਿ ਸਾਡੀ ਕਮਿਊਨਿਟੀ ਵਿਚ ਅਜਿਹੇ ਲੋਕਾਂ ਦੀ ਕੋਈ ਘਾਟ ਨਹੀਂ, ਜਿਹੜੇ ਕਮਿਊਨਿਟੀ ਦੇ ਭਲੇ ਲਈ ਹੋਣ ਵਾਲੇ ਹਰ ਕੰਮ ਵਿਚ ਰੁਕਾਵਟ ਖੜ੍ਹੀ ਕਰਦੇ ਹਨ। ਉਹਨਾਂ ਕਿਹਾ ਕਿ ਅੱਜ ਦੀ ਇਸ ਕਾਨਫਰੰਸ ਵਿਚ ਲੋਕਾਂ ਦੇ ਭਾਰੀ ਇਕੱਠ ਨਾਲ ਖਚਾਖਚ ਭਰਿਆ ਇਹ ਹਾਲ ਇਸ ਗੱਲ ਦਾ ਸਬੂਤ ਹੈ ਕਿ ਲੋਕ ਭਾਰਤੀ ਸਫਾਰਤਖਾਨਿਆਂ ਅੰਦਰ ਪੰਜਾਬੀਆਂ ਦੀ ਹੋ ਰਹੀ ਖਜਲ ਖੁਆਰੀ ਤੇ ਪੰਜਾਬ ਅੰਦਰ ਭੂਮੀ ਮਾਫੀਏ ਦੀਆਂ ਵਧ ਰਹੀਆਂ ਸਰਗਰਮੀਆਂ ਤੋਂ ਲੋਕ ਕਿਸ ਹੱਦ ਤਕ ਦੁਖੀ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਨਾਪਾ ਸੰਸਥਾ ਸਾਡੀ ਹੈ ਤੇ ਅਸੀਂ ਇਸ ਸੰਸਥਾ ਵੱਲੋਂ ਆਰੰਭੇ ਜਾ ਰਹੇ ਕੰਮਾਂ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਕੈਨੇਡਾ ਦੇ ਰੇਡੀਓ ਸ਼ੇਰੇ ਪੰਜਾਬ ਦੇ ਡਾਇਰੈਕਟਰ ਸ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਹੜੇ ਆਗੂ ਆਪਣੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ, ਲੋਕ ਅਜਿਹੇ ਆਗੂਆਂ ਨੂੰ ਜਲਦੀ ਹੀ ਦੁਰਕਾਰ ਕੇ ਉਹਨਾਂ ਦਾ ਆਪਣਾ ਰਸਤਾ ਵੀ ਵਿਖਾ ਦਿੰਦੇ ਹਨ। ਜੱਸ ਟੀ. ਵੀ.ਦੇ ਐਂਕਰ ਹਰਵਿੰਦਰ ਰਿਆੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਵੇਂ ਉਹ ਵੀ ਹਮੇਸ਼ਾ ਪੰਜਾਬੀ ਮੂਲ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਆਪਣੇ ਟੀ. ਵੀ. ਚੈਨਲ ਰਾਹੀਂ ਉਭਾਰਦੇ ਰਹਿੰਦੇ ਹਨ, ਪਰ ਨਾਪਾ ਵੱਲੋਂ ਆਰੰਭਿਆ ਗਿਆ ਕਾਰਜ ਬਹੁਤ ਸ਼ਲਾਘਾਯੋਗ ਹੈ, ਜਿਸ ਨੂੰ ਹਰ ਇਕ ਪੰਜਾਬੀ ਨੇ ਆਪਣਾ ਭਰਪੂਰ ਸਮਰਥਨ ਤੇ ਸਹਿਯੋਗ ਦਿੱਤਾ ਹੈ। ਸਿੱਖ ਆਗੂ ਸਰਦੂਲ ਸਿੰਘ ਬਾਜਵਾ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਦੌਰਾਨ ਨਾਪਾ ਆਗੂਆਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਮਸਲਿਆਂ ਨੂੰ ਅੱਧ ਵਿਚਕਾਰ ਲਟਕਦੇ ਨਾ ਛੱਡ ਦੇਣ ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ਕਤੀ ਨਾਲ ਇਹਨਾਂ ਮਸਲਿਆਂ ਨੂੰ ਉਠਾ ਕੇ ਉਹਨਾਂ ਦੇ ਹੱਲ ਲੱਭਣ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਨਾਪਾ ਦੇ ਝੰਡੇ ਹੇਠ ਇਕੱਠੇ ਹੋ ਕੇ ਆਪਣੀ ਮਜ਼ਬੂਤੀ ਦਾ ਸਬੂਤ ਦੇਣ।ਇਸ ਮੌਕੇ ਤੇ ਕਮਿਊਨਿਟੀ ਦੀ ਸੇਵਾ ਵਿਚ ਬਹੁਤ ਠੋਸ ਯੋਗਦਾਨ ਪਾਉਣ ਦੇ ਲਈ ਜਿਹੜੀਆਂ ਸ਼ਖਸੀਅਤਾਂ ਨੂੰ ਵੱਖ ਵੱਖ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ, ਉਹਨਾਂ ਵਿਚ ਦੀਦਾਰ ਸਿੰਘ ਬੈਂਸ, ਰਾਜ ਭਨੋਟ, ਸੁਰਜੀਤ ਟੁੱਟ, ਪੈਨੀ ਜੋਗੀ ਰਾਜ ਸੰਧੂ ਚੇਅਰਮੈਨ ਜੱਸ ਟੀ. ਵੀ., ਡਾਕਟਰ ਜੋਗਿੰਦਰ ਸਿੰਘ, ਮਰਹੂਮ ਲਾਹੌਰੀ ਰਾਮ ਤੇ ਡਾ. ਰਕੇਸ਼ ਸਿੰਘ ਸੰਧੂ ਸ਼ਾਮਲ ਸਨ। ਮਰਹੂਮ ਲਾਹੌਰੀ ਰਾਮ ਨੂੰ ਦਿੱਤਾ ਗਿਆ ਐਵਾਰਡ ਉਹਨਾਂ ਦੇ ਸਪੁੱਤਰਾਂ ਅਟਾਰਨੀ ਜਗਦੇਵ ਰਾਮ (ਜੈਕ ਰਾਮ) ਤੇ ਅਟਾਰਨੀ ਅਜੈਪਾਲ ਰਾਮ (ਪਾਲ) ਨੇ ਪ੍ਰਾਪਤ ਕੀਤਾ। ਸਵਰਗਵਾਸੀ ਲਾਹੌਰੀ ਰਾਮ ਦੀ ਪਤਨੀ ਬੀਬੀ ਪ੍ਰੀਤਮ ਕੌਰ ਨੇ ਪੈਨੀ ਯੋਗੀ ਰਾਜ ਸੰਧੂ ਤੇ ਡਾ. ਰੂਬੀ ਢੱਲਾ ਨੂੰ ਸ਼ਾਲ ਤੇ ਮਮੈਂਟੋ ਦੇ ਕੇ ਸਨਮਾਨਿਤ ਕੀਤਾ।ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਤੋਂ ਆਏ ਆਈ.ਏ.ਐਸ ਅਧਿਕਾਰੀ ਸੁਰੇਸ਼ ਕੁਮਾਰ ਨੇ ਬਹੁਤ ਹੀ ਪਰਭਾਵਸ਼ਾਲੀ ਤਕਰੀਰ ਕਰਦਿਆਂ ਕਿਹਾ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੇ ਇਕ ਪੰਜਾਬੀ ਹੋਣ ਦਾ ਮਾਣ ਹੋਣਾ ਚਾਹੀਦਾ ਹੈ।ਸਮਾਗਮ ਦੌਰਾਨ ਉਠਾਏ ਗਏ ਮਸਲਿਆਂ ਉਪਰ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਉਹ ਇਹਨਾਂ ਮਸਲਿਆਂ ਦੇ ਹਲ ਲਈ ਜਲਦੀ ਹੀ ਪੰਜਾਬ ਦੇ ਮੁਖ ਮੰਤਰੀ ਨੂੰ ਮਿਲਣਗੇ। ਸਮਾਗਮ ਦੇ ਅੰਤ ਵਿਚ ਬੋਲਦਿਆਂ ਕੈਨੇਡਾ ਪਾਰਲੀਮੈਂਟ ਦੇ ਮੈਂਬਰ ਸੁੱਖ ਧਾਲੀਵਾਲ ਨੇ ਕਿਹਾ ਕਿ ਉਹਨਾਂ ਨੇ ਸਟੇਜ ਤੋਂ ਬੋਲਣ ਵਾਲੇ ਹਰ ਇਕ ਬੁਲਾਰੇ ਵੱਲੋਂ ਦੱਸੀਆਂ ਗਈਆਂ ਮੁਸ਼ਕਿਲਾਂ ਨੂੰ ਬਹੁਤ ਧਿਆਨ ਨਾਲ ਸੁਣਕੇ ਕਲਮਬੰਦ ਕਰ ਲਿਆ ਹੈ ਤੇ ਉਹ ਉਸ ਵਕਤ ਤੱਕ ਆਰਾਮ ਨਾਲ ਨਹੀਂ ਬੈਠਣਗੇ ਜਦੋਂ ਤੱਕ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਕੋਈ ਠੋਸ ਹੱਲ ਨਹੀਂ ਨਿਕਲ ਆਉਂਦਾ। ਡਾ. ਰੂਬੀ ਢੱਲਾ ਐਮ. ਪੀ. ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣੀਆਂ ਸਮੱਸਿਆਵਾਂ ਦਾ ਯੋਗ ਹੱਲ ਲੱਭ ਕੇ ਇਹਨਾਂ ਮੁਸ਼ਕਿਲਾਂ ਤੋਂ ਸੁਰਖਰੂ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਇਕ ਦੂਜੇ ਦੀਆਂ ਲੱਤਾਂ ਖਿੱਚਣ ਵਾਲਾ ਰਵੱਈਆ ਤਿਆਗਣਾ ਪਵੇਗਾ। ਉਹਨਾਂ ਬੜੇ ਦੁੱਖ ਨਾਲ ਕਿਹਾ ਕਿ ਸਾਡੀ ਕਮਿਊਨਿਟੀ ਵਿਚ ਕੁਝ ਐਸੇ ਲੋਕ ਹਮੇਸ਼ਾ ਹੀ ਮੌਜੂਦ ਰਹਿੰਦੇ ਹਨ, ਜਿਹੜੇ ਹਰ ਚੰਗੇ ਕੰਮ ਦੀ ਵਿਰੋਧਤਾ ਕਰਨਾ ਹੀ ਆਪਣਾ ਧਰਮ ਸਮਝਦੇ ਹਨ। ਉਹਨਾਂ ਕਿਹਾ ਕਿ ਗੁਰਦੁਆਰਿਆਂ ਤੇ ਮੰਦਰਾਂ ਦੀਆਂ ਧੜੇਬੰਦਕ ਲੜਾਈਆਂ ਨੇ ਪਹਿਲਾਂ ਹੀ ਪੰਜਾਬੀ ਕਮਿਊਨਿਟੀ ਨੂੰ ਬਹੁਤ ਕਮਜ਼ੋਰ ਕਰਕੇ ਰੱਖ ਦਿੱਤਾ ਹੈ। ਉਹਨਾਂ ਨਾਪਾ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਹੀ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਸ ਖੇਤਰ ਵਿਚ ਰਹਿਣ ਵਾਲੇ ਪੰਜਾਬੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਖ਼ਤ ਲਿਖਣਗੇ ਤੇ ਜੇਕਰ ਲੋੜ ਪਈ ਤਾਂ ਉਹ ਨਾਪਾ ਦਾ ਇਕ ਪ੍ਰਤੀਨਿਧ ਮੰਡਲ ਲੈ ਕੇ ਪਰਧਾਨ ਮੰਤਰੀ ਨੂੰ ਮਿਲਣ ਲਈ ਨਵੀਂ ਦਿਲੀ ਵੀ ਜਾਣਗੇ। ਉਹਨਾਂ ਆਸ ਪ੍ਰਗਟ ਕੀਤੀ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਠੋਸ ਹੱਲ ਜਲਦੀ ਹੀ ਲੱਭ ਲਿਆ ਜਾਵੇਗਾ। ਧੰਨਵਾਦ ਪ੍ਰਸਤਾਵ ਤੇ ਬੋਲਦਿਆਂ ਦੀਦਾਰ ਸਿੰਘ ਬੈਂਸ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਪਣੇ ਭਾਈਚਾਰੇ ਦੀ ਭਲਾਈ ਲਈ ਨਾਪਾ ਦੇ ਝੰਡੇ ਹੇਠ ਇਕੱਠੇ ਹੋਵੋ। ਸਟੇਜ ਦਾ ਸੰਚਾਲਨ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਬਹੁਤ ਹੀ ਬਾਖੂਬੀ ਨਾਲ ਕੀਤਾ।
|